ਸਰੀ-ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਸਿੱਖ ਵਿਦਵਾਨਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਸਿੱਖ ਪੰਥ ਵਿਚ ਨਵੇਂ ਵਿਵਾਦ ਪੈਦਾ ਕਰਕੇ ਨਵੇਂ ਸਿਆਪੇ ਨਾ ਖੜ੍ਹੇ ਕੀਤੇ ਜਾਣ ਅਤੇ ਪਹਿਲਾਂ ਹੀ ਚੱਲ ਰਹੇ ਵਿਵਾਦ ਨੂੰ ਸਮਾਪਤ ਕਰਨ ਦੇ ਯਤਨ ਕੀਤੇ ਜਾਣ।
ਆਪਣੇ ਇਕ ਸੰਦੇਸ਼ ਵਿਚ ਉਨ੍ਹਾਂ ਕਿਹਾ ਹੈ ਕਿ ਸਿੱਖ ਵਿਦਵਾਨਾਂ ਅਤੇ ਆਗੂਆਂ ਨੂੰ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਅਨੁਸਾਰ ਪੰਥ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਗੁਰਬਾਣੀ ਦੀ, ਗੁਰੂ ਆਸ਼ੇ ਅਨੁਸਾਰ ਸ਼ਰਧਾ ਵਧਾਉਣ ਵਾਲੀ ਵਿਆਖਿਆ ਕਰਨੀ ਚਾਹੀਦੀ ਹੈ। ਗੁਰਬਾਣੀ ਵਿੱਚ ਲਿਖੇ ਹੋਏ ਇਸ ਬਚਨ ਨੂੰ ਮੰਨਣਾ ਚਾਹੀਦਾ ਹੈ ‘ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ’।
ਨਾਮਧਾਰੀ ਮੁਖੀ ਨੇ ਪੰਥ ਵਧਾਉਣ ਲਈ ਸੁਝਾਅ ਦਿੰਦਿਆਂ ਕਿਹਾ ਹੈ ਕਿ ਸਾਨੂੰ ਉਹ ਕੰਮ ਕਰਨੇ ਚਾਹੀਦੇ ਹਨ; ਜਿਨ੍ਹਾਂ ਨਾਲ ਸਿੱਖਾਂ ਦੀ ‘ਸ਼ਰਧਾ’ ਵਧੇ ਅਤੇ ਉਹਨਾਂ ਦਾ ਆਪਣੇ ਗੁਰੂ ਜੀ ਉੱਤੇ ‘ਵਿਸ਼ਵਾਸ’ ਦ੍ਰਿੜ੍ਹ ਹੋਵੇ। ਕਿਉਂਕਿ, ਸਿੱਖੀ: ਤਰਕ, ਵਿਵਾਦਾਂ ਅਤੇ ਨਵੇਂ ਸੱਚ ਘੜਨ ਨਾਲ ਨਹੀਂ, ਸਿੱਖੀ ਤਾਂ ਸ਼ਰਧਾ ਨਾਲ ਹੈ। "ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ" (ਮ.੪)। ਪਰੰਤੂ, ਉਸ ‘ਸ਼ਰਧਾ’ ਦੇ ਵਿੱਚ: ਜਦੋਂ ਅਸੀਂ ਆਪਣੇ ਅਨੁਸਾਰ ਨਵਾਂ ਕੋਈ ‘ਸੱਚ’ ਘੜ ਕੇ; ਪੰਥ ਵਿੱਚ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੰਦੇ ਹਾਂ ਅਤੇ ਪੁਰਾਤਨ ਪਰੰਪਰਾ ਜਾਂ ਵਿਸ਼ਵਾਸ ਨੂੰ ‘ਚੈਲੰਜ’ ਕਰਕੇ ਉਹਦੇ ਉੱਤੇ ਠੋਕਰ ਮਾਰਦੇ ਹਾਂ ਤਾਂ ਉਹਦੇ ਨਾਲ ਵਿਦਵਾਨਾਂ ਦਾ ਨਾਮ ਤਾਂ ਜ਼ਰੂਰ ਚਮਕ ਜਾਂਦਾ ਹੈ ਪਰੰਤੂ, ਲੋਕਾਂ ਦੀ ‘ਸ਼ਰਧਾ’ ਘਟ ਜਾਂਦੀ ਹੈ ਅਤੇ ਪੰਥ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ; ਜਿਹੜਾ ਵਾਪਸ ਨਹੀਂ ਹੋ ਸਕਦਾ।
ਠਾਕੁਰ ਦਲੀਪ ਸਿੰਘ ਨੇ ਕਿਹਾ ਹੈ ਕਿ ਪੰਥ ਦੇ ਪ੍ਰਚਾਰ-ਪ੍ਰਸਾਰ ਲਈ ਪੁਰਜ਼ੋਰ ਉੱਦਮ ਕਰਨ ਦੀ ਲੋੜ ਹੈ ਅਤੇ ਸਿੱਖ ਵਿਦਵਾਨਾ ਅਤੇ ਆਗੂਆਂ ਨੂੰ ਚਾਹੀਦਾ ਹੈ ਕਿ ਨਵਾਂ ਕੋਈ ਸ਼ੋਸ਼ਾ ਛੱਡ ਕੇ ਸਿੱਖ ਪੰਥ ਵਿੱਚ ਨਵੇਂ ਵਿਵਾਦ ਉਤਪੰਨ ਨਾ ਕੀਤੇ ਜਾਣ।